Lok Sabha Election 2024: ਲੋਕ ਸਭਾ ਚੋਣਾਂ ਦੀ ਵੋਟਿੰਗ ਲਈ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਅਜਿਹੇ ‘ਚ ਸਿਆਸੀ ਆਗੂਆਂ ਵੱਲੋਂ ਦਲ-ਬਦਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਸਾਬਕਾ ਕੈਬਨਿਟ ਮੰਤਰੀ ਅਤੇ ਆਨੰਦਪੁਰ ਸਾਹਿਬ ਤੋਂ ਸਾਬਕਾ ਵਿਧਾਇਕ ਮਦਨ ਮੋਹਨ ਮਿੱਤਲ ਦੇ ਬੇਟੇ ਅਰਵਿੰਦ ਮਿੱਤਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਮਦਨ ਮੋਹਨ ਮਿੱਤਲ ਭਾਜਪਾ ਤੋਂ ਨਾਰਾਜ਼ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।
ਇਸ ਤੋਂ ਬਾਅਦ ਅੱਜ ਉਨ੍ਹਾਂ ਦੇ ਬੇਟੇ ਅਰਵਿੰਦ ਮਿੱਤਲ ਨੇ ਸੈਕਟਰ-37 ਭਾਜਪਾ ਆਫਿਸ ਵਿੱਚ ਭਾਜਪਾ ਦਾ ਪੱਲਾ ਫੜ ਲਿਆ ਹੈ। ਦਰਅਸਲ ਵਿੱਚ ਮਦਨ ਮੋਹਨ ਮਿੱਤਲ ਚੰਡੀਗੜ੍ਹ ਸਥਿਤ ਭਾਜਪਾ ਆਫਿਸ ਵਿੱਚ ਆਏ ਸਨ ਪਰ ਉਨ੍ਹਾਂ ਨੇ ਪਾਰਟੀ ਜੁਆਇੰਨ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਆਨੰਦਪੁਰ ਸਾਹਿਬ ਦੇ ਲੋਕਾਂ ਲਈ ਸੇਵਾ ਲਈ ਹਮੇਸ਼ਾ ਹਾਜ਼ਰ ਸਨ। ਅੱਜ ਮਦਨ ਮੋਹਨ ਮਿੱਤਲ ਦੇ ਬੇਟੇ ਅਰਵਿੰਦ ਮਿੱਤਲ ਨੇ ਭਾਜਪਾ ਜੁਆਇੰਨ ਕਰ ਲਈ ਹੈ।
ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖਾਵਤ ਨੇ ਚੰਡੀਗੜ ’ਚ ਪ੍ਰੈਸ਼ ਕਾਨਫਰੰਸ ਕੀਤੀ। ਇਸ ਮੌਕੇ ਮਦਨ ਮੋਹਨ ਮਿੱਤਲ ਦੇ ਪੁੱਤਰ ਅਰਵਿੰਦ ਮਿੱਤਲ ਭਾਜਪਾ ’ਚ ਸ਼ਾਮਲ ਹੋਏ। ਉਨ੍ਹਾਂ ਦੇ ਪਾਰਟੀ ’ਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ। ਉਹ ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਲ ਹੋਏ ਹਨ। ਸ਼ੇਖਾਵਤ ਨੇ ਪਾਰਟੀ ’ਚ ਸ਼ਾਮਲ ਹੋਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ।
ਪ੍ਰੈਸ ਕਾਨਫਰੰਸ ਦੌਰਾਨ ਗਜੇਂਦਰ ਸਿੰਘ ਸ਼ੇਖਾਵਤ ਨੇ ਆਖਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਆਮ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ। ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਗਏ। ਹੁਣ ਪੰਜਾਬ ਦੇ ਲੋਕ ਆਪਣੇ ਆਪ ਹੀ ਚਾਰ ਤਰੀਕ ਤੋਂ ਬਾਅਦ ਇਸ ਸਰਕਾਰ ਨੂੰ ਤੋਰ ਦੇਣਗੇ।
ਸੀਨੀਅਰ ਆਗੂ ਅਰਵਿੰਦ ਮਿੱਤਲ ਜੀ ਨੇ ਭਾਜਪਾ ਵਿੱਚ ਕੀਤੀ ਘਰ ਵਾਪਸੀ
ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸ਼ੇਖਾਵਤ ਜੀ ਨੇ ਪਾਰਟੀ ਵਿੱਚ ਕੀਤਾ ਸਵਾਗਤ pic.twitter.com/CkOKJ7jEUh
— BJP PUNJAB (@BJP4Punjab) May 27, 2024
ਉਨ੍ਹਾਂ ਅੱਗੇ ਆਖਿਆ ਕਿ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਹੈ ਕਿ ਅਮਿਤ ਸ਼ਾਹ ਨੇ ਗੁੰਡਾਗਰਦੀ ਕੀਤੀ ਹੈ ਤਾਂ ਗੁੰਡਾਗਰਦੀ ਦੀ ਧਾਰਾਵਾਂ ਲਗਾ ਕੇ ਉਹ ਮਾਮਲਾ ਦਰਜ ਕਿਉਂ ਨਹੀਂ ਕਰਦੇ ? ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਉਹਨਾਂ ਨੂੰ ਤੁਰੰਤ ਮਾਮਲਾ ਦਰਜ ਕਰ ਲੈਣਾ ਚਾਹੀਦਾ ਹੈ। ਅਮਿਤ ਸ਼ਾਹ ਵੱਲੋਂ ਇਹੋ ਜਿਹਾ ਕੁਝ ਵੀ ਨਹੀਂ ਕਿਹਾ ਗਿਆ ਹੈ ਉਹਨਾਂ ਵੱਲੋਂ ਸਿਰਫ ਇੱਕ ਸੰਭਾਵਨਾ ਜਤਾਈ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਤੋੜ ਵਿਛੋੜੇ ਤੋਂ ਬਾਅਦ ਅਕਾਲੀ ਦਲ ਵਿੱਚ ਸ਼ਾਮਲ ਹੋਏ ਮਦਨ ਮੋਹਨ ਮਿੱਤਲ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਪੁੱਛਗਿਛ ਨਹੀਂ ਕੀਤੀ ਜਾ ਰਹੀ ਸੀ। ਜਿਸ ਕਰ ਕੇ ਮਦਨ ਮੋਹਨ ਮਿੱਤਲ ਨਰਾਜ਼ ਚੱਲ ਰਹੇ ਸਨ ਅਤੇ ਉਨ੍ਹਾਂ ਦੇ ਵੱਲੋਂ ਆਪਣੀਆਂ ਗਤੀ ਵਿਧੀਆਂ ਬਿਲਕੁਲ ਰੋਕ ਦਿੱਤੀਆ ਗਈਆਂ ਸਨ। ਇਹ ਵੀ ਦੱਸ ਦਈਏ ਕਿ ਮਦਨ ਮੋਹਨ ਮਿੱਤਲ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਅਤੇ ਉਹਨਾਂ ਦਾ ਕਾਫੀ ਮਜ਼ਬੂਤ ਧੜਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਮੰਨਿਆ ਜਾਂਦਾ ਹੈ। ਹੁਣ ਜਦੋਂ ਕਿ ਪਾਰਲੀਮੈਂਟ ਚੋਣਾਂ ਵਿੱਚ ਕੁਝ ਕੁ ਦਿਨ ਹੀ ਬਾਕੀ ਰਹਿ ਗਏ ਹਨ ਤਾਂ ਮਦਨ ਮੋਹਨ ਮਿੱਤਲ ਦੀ ਭਾਜਪਾ ਵਿੱਚ ਵਾਪਸੀ ਭਾਜਪਾ ਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਲਈ ਬਹੁਤ ਹੀ ਸੁਖਾਵੀ ਤੇ ਉਮੀਦਾਂ ਭਰੀ ਹੋ ਸਕਦੀ ਹੈ।